ਦੂਜੀਆਂ ਭਾਸ਼ਾਵਾਂ ਨੂੰ ਸਮਝਣ ਲਈ ਵਰਤੋ : 'ਗੂਗਲ ਅਨੁਵਾਦ'/cpKamboj_punjabiComputer

27-5-18

ਗੂਗਲ ਇੱਕ ਬਹੁਕੌਮੀ ਕੰਪਿਊਟਰ ਸਾਫ਼ਟਵੇਅਰ ਨਿਰਮਾਤਾ ਕੰਪਨੀ ਹੈ। ਗੂਗਲ ਦੇ ਸਰਚ ਇੰਜਣ ਤੋਂ ਬਾਅਦ ਜਿਹੜੇ ਸਾਫ਼ਟਵੇਅਰ ਨੇ ਪ੍ਰਸਿੱਧੀ ਹਾਸਲ ਕੀਤੀ ਹੈ, ਉਹ ਹੈ- ਗੂਗਲ ਅਨੁਵਾਦ ਜਾਂ ਗੂਗਲ ਟਰਾਂਸਲੇਸ਼ਨ । ਗੂਗਲ ਅਨੁਵਾਦ ਕੰਪਨੀ ਦਾ ਇੱਕ ਵਿਸ਼ਾਲ ਬਹੁ-ਭਾਸ਼ੀ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਤਹਿਤ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਆਪਸੀ ਅਨੁਵਾਦ, ਭਾਸ਼ਾ ਉਚਾਰ ਤੋਂ ਉਚਾਰ ਪਲਟਾਅ ਲਈ ਵੱਡੀ ਸਫਲਤਾ ਮਿਲੀ ਹੈ। ਗੂਗਲ ਅਨੁਵਾਦ ਪ੍ਰੋਗਰਾਮ ਰਾਹੀਂ 80 ਭਾਸ਼ਾਵਾਂ ਨੂੰ ਆਪਸ ਵਿਚ ਅਨੁਵਾਦ ਕੀਤਾ ਜਾ ਸਕਦਾ ਹੈ। ਇਸ ਵਿਚ ਵੱਖ-ਵੱਖ 26 ਭਾਸ਼ਾਵਾਂ 'ਚ ਲਿਖੇ ਪਾਠ ਨੂੰ ਪੜ੍ਹ ਕੇ ਸੁਣਾਉਣ ਦੀ ਵਿਵਸਥਾ ਹੈ। ਇੱਕ ਭਾਸ਼ਾ 'ਚ ਉਚਾਰੇ ਸ਼ਬਦਾਂ ਨੂੰ ਦੁਨੀਆ ਦੀ ਕਿਸੇ ਦੂਜੀ ਭਾਸ਼ਾ 'ਚ ਬਦਲ ਕੇ ਉਚਾਰ ਕਰਨ ਦੀ ਇਸ 'ਚ ਕਮਾਲ ਦੀ ਸੁਵਿਧਾ ਹੈ। ਗੂਗਲ ਟਰਾਂਸਲੇਟ ਐਪ ਐਂਡਰਾਇਡ, ਆਈ ਫ਼ੋਨ ਅਤੇ ਵਿੰਡੋਜ਼ ਫ਼ੋਨ 'ਤੇ ਕੰਮ ਕਰਨ ਦੇ ਸਮਰੱਥ ਹੈ। ਇਸ ਨੂੰ ਐਪ ਸਟੋਰ 'ਚ ਗੂਗਲ ਟਰਾਂਸਲੇਟ (Google Translate) ਟਾਈਪ ਕਰਕੇ ਲੱਭਿਆ ਜਾ ਸਕਦਾ ਹੈ।
ਗੂਗਲ ਟਰਾਂਸਲੇਟਰ ਕਿਹੜੀ-ਕਿਹੜੀ ਭਾਸ਼ਾ 'ਚ ਕੰਮ ਕਰਦਾ ਹੈ?
ਇਹ ਪ੍ਰੋਗਰਾਮ ਦੁਨੀਆ ਦੀਆਂ 80 ਭਾਸ਼ਾਵਾਂ ਦਾ ਆਪਸ 'ਚ ਅਨੁਵਾਦ ਕਰ ਸਕਦਾ ਹੈ। ਇਨ੍ਹਾਂ ਭਾਸ਼ਾਵਾਂ ਵਿਚੋਂ ਅਲਬਾਨੀ, ਅਰਬੀ, ਬੈਲਾਰੂਸ, ਬੰਗਾਲੀ, ਬਲੋਗਾਰੀ, ਚੀਨੀ (ਸਾਧਾਰਨ), ਚੀਨੀ (ਪਰੰਪਰਾਗਤ), ਚੈੱਕ, ਡੈਨਿਸ਼, ਡੱਚ, ਅੰਗਰੇਜ਼ੀ, ਫਿਲੀਪੀਨੋੋ, ਹਿਬਰੂ, ਫਰੈਂਚ, ਜਾਰਜਿਆਈ, ਜਰਮਨ, ਯੂਨਾਨੀ, ਗੁਜਰਾਤੀ, ਯਰੂਦੀ, ਹਿੰਦੀ, ਹੰਗਰੀਆਈ, ਆਈਸਲੈਂਡਿਕ, ਇੰਡੋਨੇਸ਼ਿਆਈ, ਆਇਰਿਸ਼, ਇਤਾਵਲੀ, ਜਪਾਨੀ, ਕੰਨੜ, ਖਮੇਰ, ਕੋਰੀਆਈ, ਲਾਤੀਨੀ, ਡਚ, ਮਰਾਠੀ, ਮੰਗੋਲੀਆਈ, ਨੇਪਾਲੀ, ਫ਼ਾਰਸੀ, ਪੋਲਿਸ਼, ਪੁਰਤਗਾਲੀ, ਪੰਜਾਬੀ, ਰੂਸੀ, ਸਪੇਨੀ, ਸਵਿਡਨੀ, ਤਾਮਿਲ, ਤੇਲਗੂ, ਥਾਈ, ਤੁਰਕ, ਉਰਦੂ, ਵੀਅਤਨਾਮੀ ਆਦਿ ਪ੍ਰਮੁਖ ਹਨ।
ਗੂਗਲ ਅਨੁਵਾਦ 'ਚ ਲਿਖੇ ਹੋਏ ਨੂੰ ਪੜ੍ਹ ਕੇ ਸਣਾਉਣ (ਟੈਕਸਟ-ਟੂ-ਸਪੀਚ) ਦੀ ਸੁਵਿਧਾ ਹੈ। ਇਹ ਸੁਵਿਧਾ ਚੋਣਵੀਆਂ 26 ਭਾਸ਼ਾਵਾਂ ਲਈ ਉਪਲਬਧ ਹੈ। ਇਹ ਭਾਸ਼ਾਵਾਂ ਹਨ- ਅਫ਼ਰੀਕੀ, ਅਲਬਾਨੀ, ਕੈਟਲਨ, ਚੀਨੀ (ਮੰਦਾਰਿਨ), ਪੋਲਸ਼, ਚੈੱਕ, ਡੈਨਿਸ਼, ਡੱਚ, ਹਿਬਰੂ, ਯੂਨਾਨੀ, ਹੰਗਰੀ, ਆਈਸਲੈਂਡੀ, ਇੰਡੋਨੇਸ਼ਿਆਈ, ਲਾਤਵੀ, ਮਕਦੂਨੀ (ਮੇਸੀਡੋਨੀਅਨ), ਨਾਰਵੇਈ, ਪੋਲਿਸ਼, ਪੁਰਤਗਾਲੀ, ਰੋਮਾਨੀ, ਰੂਸੀ, ਸਰਬੀਅਨ, ਸਲੋਵਾਕ, ਸਵਾਹਿਲੀ, ਸਵੀਡਨ, ਤੁਰਕੀ, ਵਿਅਤਨਾਮੀ।
ਗੂਗਲ ਨੇ ਆਪਣੀ ਉਚਾਰਨ ਤੋਂ ਉਚਾਰਨ ਸੁਵਿਧਾ ਦਾ ਅਜ਼ਮਾਇਸ਼ੀ ਸੰਸਕਰਨ ਜਾਰੀ ਕਰ ਦਿੱਤਾ ਹੈ। ਇਹ ਅੰਗਰੇਜ਼ੀ, ਸਪੇਨੀ, ਪੁਰਤਗਾਲੀ, ਚੈੱਕ, ਜਰਮਨ, ਫਰੈਂਚ, ਇਤਾਲਵੀ, ਜਪਾਨੀ, ਕੋਰੀਆਈ, ਚੀਨੀ (ਮੰਦਾਰਿਨ), ਪੋਲਿਸ਼, ਰੂਸੀ ਅਤੇ ਤੁਰਕੀ ਭਾਸ਼ਾਵਾਂ ਲਈ ਕੰਮ ਕਰਦਾ ਹੈ।
ਗੂਗਲ ਵਾਰਤਾਲਾਪ ਪ੍ਰਣਾਲੀ
ਕੰਪਿਊਟਰ ਲਈ ਮਨੁੱਖੀ ਆਵਾਜ਼ ਨੂੰ ਸੁਣ ਕੇ ਪਛਾਣਨਾ-ਸਮਝਣਾ 'ਤੇ ਉਸਦਾ ਕਿਸੇ ਹੋਰ ਭਾਸ਼ਾ 'ਚ ਉਲੱਥਾ ਕਰਨਾ ਬੜਾ ਜੋਖ਼ਮ ਭਰਿਆ ਕੰਮ ਹੈ। ਫਿਰ ਵੀ ਗੂਗਲ ਨੇ ਇਸ ਖੇਤਰ ਵਿਚ ਸੰਤੁਸ਼ਟੀਜਨਕ ਕੰਮ ਕੀਤਾ ਹੈ। ਦੁਨੀਆ ਦੀਆਂ ਇੱਕ ਦਰਜਨ ਤੋਂ ਵੱਧ ਭਾਸ਼ਾਵਾਂ ਨੂੰ 'ਸਪੋਰਟ' ਕਰਨ ਵਾਲਾ ਇਹ ਪ੍ਰੋਗਰਾਮ ਹਾਲਾਂ ਮੁੱਢਲੀ ਅਜ਼ਮਾਇਸ਼ੀ ਅਵਸਥਾ ਵਿਚ ਹੈ। ਗੂਗਲ ਦੀ ਖੋਜ ਟੀਮ ਵੱਲੋਂ ਉਚਾਰਨ ਡਾਟਾ ਇਕੱਤਰ ਕਰਨ ਦਾ ਕੰਮ ਚੱਲ ਰਿਹਾ ਹੈ। ਖੇਤਰੀ ਉਚਾਰਨ 'ਚ ਭਿਨਤਾਵਾਂ, ਪਿਛੋਕੜ ਦਾ ਸ਼ੋਰ ਅਤੇ ਵਿਅਕਤੀ ਤੋਂ ਵਿਅਕਤੀ ਉਚਾਰਨ ਵਿਭਿੰਨਤਾ ਆਦਿ ਮਸਲੇ ਇਸ ਪ੍ਰਣਾਲੀ ਲਈ ਵੱਡੀ ਚੁਨੌਤੀ ਬਣੇ ਹੋਏ ਹਨ।

ਇਹ ਪ੍ਰਣਾਲੀ ਪਹਿਲਾਂ ਮਾਇਕ੍ਰੋਫ਼ੋਨ 'ਚ ਬੋਲੇ ਗਏ ਲਫ਼ਜ਼ਾਂ ਨੂੰ ਪਾਠ (Text) ਰੂਪ 'ਚ ਤਬਦੀਲ ਕਰਦੀ ਹੈ। ਇੱਥੋਂ ਪਾਠ ਨੂੰ ਲੋੜ ਅਨੁਸਾਰ ਸੋਧਿਆ ਜਾ ਸਕਦਾ ਹੈ। ਇਸ ਮਗਰੋਂ ਇਹ ਪਾਠ ਅਨੁਵਾਦ ਲਈ ਗੂਗਲ ਪ੍ਰੋਗਰਾਮ ਕੋਲ ਪਹੁੰਚਦਾ ਹੈ। ਇਹ ਪ੍ਰੋਗਰਾਮ ਪਾਠ ਨੂੰ ਦੂਜੀ ਭਾਸ਼ਾ ਵਿਚ ਬਦਲ ਦਿੰਦਾ ਹੈ। ਲੋੜ ਅਨੁਸਾਰ ਸੋਧਾਂ ਕਰਕੇ ਇਸ ਨੂੰ ਸੁਣਿਆ ਜਾ ਸਕਦਾ ਹੈ। ਗੂਗਲ ਲਾਈਵ ਸਪੀਚ ਅਨੁਵਾਦ ਦੀ ਸਹੂਲਤ ਵੀ ਪ੍ਰਦਾਨ ਕਰਵਾਉਂਦਾ ਹੈ। ਇਸ ਰਾਹੀਂ ਤੁਹਾਡੇ ਵੱਲੋਂ ਆਪਣੀ ਭਾਸ਼ਾ 'ਚ ਬੋਲੇ ਗਏ ਸ਼ਬਦ ਲਗਭਗ ਉਸੇ ਸਮੇਂ ਦੂਸਰੇ ਨੂੰ ਉਸ ਦੀ ਆਪਣੀ ਭਾਸ਼ਾ ਵਿਚ ਸੁਣਨ ਨੂੰ ਮਿਲਦੇ ਹਨ।
ਗੂਗਲ ਵਾਰਤਾਲਾਪ ਪ੍ਰਣਾਲੀ ਦੀ ਵਰਤੋ ਮੋਬਾਈਲ ਫ਼ੋਨਾਂ 'ਚ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ। ਸਮਾਰਟ ਫ਼ੋਨ ਦੇ ਜ਼ਰੀਏ ਦੁਨੀਆ ਦੀਆਂ ਚੋਣਵੀਂਆਂ ਭਾਸ਼ਾਵਾਂ ਦੇ ਬੋਲਾਂ ਦਾ ਆਪਸ 'ਚ ਵਟਾਂਦਰਾ ਕਰਕੇ ਸਮਝਿਆ ਜਾ ਸਕਦਾ ਹੈ। ਮਿਸਾਲ ਵਜੋਂ ਤੁਸੀਂ ਕਿਸੇ ਜਪਾਨੀ ਵਿਅਕਤੀ ਨਾਲ ਗੱਲ ਕਰਨਾ ਚਾਹੁੰਦੇ ਹੋ। ਤੁਸੀਂ ਉਸ ਦੀ ਭਾਸ਼ਾ ਤੋਂ ਜਾਣੂ ਨਹੀਂ ਤੇ ਉਹ ਤੁਹਾਡੀ ਭਾਸ਼ਾ (ਅੰਗਰੇਜ਼ੀ) ਨਹੀਂ ਜਾਣਦਾ। ਤੁਸੀਂ ਆਪਣੀ ਗੱਲ ਅੰਗਰੇਜ਼ੀ 'ਚ ਕਰੋਗੇ। ਅਗਲਾ ਜਪਾਨੀ ਭਾਸ਼ਾ ਦੀ ਚੋਣ ਕਰਕੇ ਉਸ ਨੂੰ ਉਸੇ ਸਮੇਂ ਆਪਣੀ ਭਾਸ਼ਾ ਵਿਚ ਅਨੁਵਾਦ ਕਰਕੇ ਸੁਣ ਲਵੇਗਾ। ਵਿਦੇਸ਼ੀ ਸਾਹਿਤ ਅਤੇ ਸਭਿਆਚਾਰਕ ਵਟਾਂਦਰੇ ਦੇ ਰਾਹ 'ਚ ਅੜਿੱਕਾ ਬਣੀਆਂ ਭਾਸ਼ਾਵਾਂ ਨੂੰ ਗੂਗਲ ਅਨੁਵਾਦ ਨੇ ਬਾਖ਼ੂਬੀ ਹੱਲ ਦਿੱਤਾ ਹੈ।

ਗੂਗਲ ਅਨੁਵਾਦਕ ਦੀ ਵਰਤੋਂ ਕਿਵੇਂ ਕਰੀਏ?
ਗੂਗਲ ਅਨੁਵਾਦ ਇਕ ਸ਼ਕਤੀਸ਼ਾਲੀ ਪ੍ਰੋਗਰਾਮ ਹੈ। ਇਸ ਵਿਚ ਕੰਮ ਕਰਨ ਤੋਂ ਪਹਿਲਾਂ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ। ਅੱਜ ਦੇਸ਼ ਸੇਵਕ ਦੇ ਪਾਠਕਾਂ ਨੂੰ ਇਸ ਵਿਚ ਕੰਮ ਕਰਨ ਦਾ ਤਰੀਕਾ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸਭ ਤੋਂ ਪਹਿਲਾਂ 'ਐਪ ਸਟੋਰ' ਖੋਲ੍ਹੋ। ਉਸ ਵਿਚ ਗੂਗਲ ਟਰਾਂਸਲੇਟ (google translate) ਟਾਈਪ ਕਰੋ ਤੇ ਲੱਭੋ। ਹੁਣ ਢੁਕਵਾਂ ਪ੍ਰੋਗਰਾਮ ਇੰਸਟਾਲ ਕਰ ਲਓ।
ਟਰਾਂਸਲੇਟ (Translate) ਐਪ ਖੋਲ੍ਹੋ। ਐਪ ਦੀ ਸਕਰੀਨ ਤਿੰਨ ਹਿੱਸਿਆਂ 'ਚ ਵੰਡੀ ਨਜ਼ਰ ਆਵੇਗੀ। ਸਿਖਰ 'ਤੇ ਚਾਰ ਬਟਨ ਕ੍ਰਮਵਾਰ ਸਰੋਤ ਭਾਸ਼ਾ (ਜਿਸ ਭਾਸ਼ਾ ਨੂੰ ਬਦਲਿਆ ਜਾਂਦਾ ਹੈ ਜਿਵੇਂ ਕਿ ਅੰਗਰੇਜ਼ੀ), ਟਾਰਗੈਟ ਭਾਸ਼ਾ (ਜਿਸ ਭਾਸ਼ਾ ਵਿਚ ਬਦਲਿਆ ਜਾਣਾ ਹੈ ਜਿਵੇਂ ਕਿ ਪੰਜਾਬੀ, ਹਿੰਦੀ ਆਦਿ) ਅਤੇ ਦਾਣੇਦਾਰ ਸੈਟਿੰਗ ਬਟਨ। ਦੂਸਰੇ, ਹੇਠਲੇ ਹਿੱਸੇ ਵਿਚ ਸਰੋਤ ਭਾਸ਼ਾ ਵਿਚ ਟਾਈਪ ਕੀਤਾ ਜਾਂਦਾ ਹੈ। ਅਜਿਹਾ ਕਰਨ ਲਈ ਪਹਿਲਾਂ ਉੱਥੇ ਟੱਚ ਕੀਤਾ ਜਾਂਦਾ ਹੈ। ਇਸ ਉਪਰੰਤ ਹੇਠਾਂ ਕੀ-ਬੋਰਡ ਖੁੱਲ੍ਹ ਜਾਂਦਾ ਹੈ। ਤੀਸਰਾ ਸਭ ਤੋਂ ਹੇਠਲਾ ਹਿੱਸਾ ਹਿਸਟਰੀ, ਕੀ-ਬੋਰਡ ਮਾਈਕਰੋਫ਼ੋਨ/ਰਿਕਾਰਡ ਵਿਕਲਪ, ਉਂਗਲੀ ਰਾਹੀਂ ਸਿੱਧਾ ਲਿਖਣ ਦੇ ਕੰਮ ਆਉਂਦਾ ਹੈ। ਇਹ ਹਿੱਸਾ ਮੌਕੇ ਅਤੇ ਲੋੜ ਅਨੁਸਾਰ ਵੱਖ-ਵੱਖ ਮੰਤਵਾਂ ਲਈ ਵਰਤਿਆ ਜਾਂਦਾ ਹੈ।
·            ਸਭ ਤੋ ਪਹਿਲਾਂ ਸਰੋਤ ਅਤੇ ਟਾਰਗੈਟ ਭਾਸ਼ਾ ਵਾਲੇ ਬਟਨਾਂ ਤੇ ਵਾਰੀ-ਵਾਰੀ ਟੱਚ ਕਰਕੇ ਕ੍ਰਮਵਾਰ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੀ ਚੋਣ ਕਰੋ (ਸਿਰਫ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਲਈ)।
·           ਹੇਠਲੇ ਹਿੱਸੇ ਵਿਚ ਟੱਚ ਕਰਕੇ ਅੰਗਰੇਜ਼ੀ ਦੀ ਕੋਈ ਪੰਕਤੀ ਟਾਈਪ ਕਰੋ ਜਾਂ ਪੇਸਟ ਕਰੋ। ਇਸ ਦੇ ਹੇਠਾਂ ਪੰਜਾਬੀ 'ਚ ਅਨੁਵਾਦ ਹੋਈ ਪੰਕਤੀ ਮਿਲੇਗੀ। ਯੂਨੀਕੋਡ ਰੂਪ 'ਚ ਪ੍ਰਾਪਤ ਹੋਏ ਇਨ੍ਹਾਂ ਸ਼ਬਦਾਂ ਨੂੰ ਕਾਪੀ ਕਰਕੇ ਐੱਸਐੱਮਐੱਸ ਜਾਂ ਈ-ਮੇਲ ਆਦਿ ਦੇ ਰੂਪ 'ਚ ਭੇਜਿਆ ਜਾ ਸਕਦਾ ਹੈ।
·           ਉਪਰਲੇ ਸੱਜੇ ਹੱਥ ਵਾਲੇ ਸੈਟਿੰਗ ਬਟਨ 'ਤੇ ਟੱਚ ਕਰਨ ਨਾਲ ਫਰੇਜ਼ਬੁਕ, ਐੱਸਐੱਮਐੱਸ ਟਰਾਂਸਲੇਸ਼ਨ, ਕਲੀਅਰ ਹਿਸਟਰੀ, ਸੈਟਿੰਗਜ਼ ਅਤੇ ਹੈਲਪ ਐਂਡ ਫੀਡਬੈਕ ਵਿਕਲਪ ਨਜ਼ਰ ਆਉਂਦੇ ਹਨ। ਐੱਸਐੱਮਐੱਸ ਟਰਾਂਸਲੇਸ਼ਨ ਚੁਣਨ ਨਾਲ ਮੈਸੇਜ ਹਿਸਟਰੀ ਖੁੱਲ੍ਹਦੀ ਹੈ ਤੇ ਚੋਣਵੇਂ ਸੰਦੇਸ਼ 'ਤੇ ਕਲਿੱਕ ਕਰੋ। ਪ੍ਰੋਗਰਾਮ ਤੁਹਾਨੂੰ ਇਹ ਸੰਦੇਸ਼ ਤੁਹਾਡੀ ਆਪਣੀ ਜ਼ੁਬਾਨ 'ਚ ਅਨੁਵਾਦ ਕਰਕੇ ਦਿਖਾਉਣ ਦਾ ਯਤਨ ਕਰੇਗਾ। ਤੁਹਾਡੇ ਵੱਲੋਂ ਹੁਣ ਤੱਕ ਅਨੁਵਾਦ ਕੀਤੀਆਂ ਸਤਰਾਂ ਨੂੰ ਹਟਾਉਣ ਲਈ 'ਕਲੀਅਰ ਹਿਸਟਰੀ' ਦੀ ਚੋਣ ਕੀਤੀ ਜਾ ਸਕਦੀ ਹੈ। ਸੈਟਿੰਗਜ਼ ਵਿਚ 'ਮੈਨੇਜ ਆਫ਼-ਲਾਈਨ ਲੈਂਗੂਏਜ', ਦੀ ਚੋਣ ਕਰਨ ਸਕਦੀ ਹੈ। ਇੱਥੋਂ ਆਪਣੀ ਭਾਸ਼ਾ ਜਿਵੇਂ ਕਿ ਹਿੰਦੀ (ਪੰਜਾਬੀ ਉਪਲਬਧ ਨਹੀਂ) ਦੀ ਚੋਣ ਕਰੋ। ਕੁੱਝ ਦੇਰ ਵਿਚ ਹਿੰਦੀ ਭਾਸ਼ਾ ਦਾ ਡਾਟਾਬੇਸ ਤੁਹਾਡੇ ਫ਼ੋਨ 'ਚ ਲੋਡ ਹੋ ਜਾਵੇਗਾ। ਹੁਣ ਤੁਸੀਂ ਇੰਟਰਨੈੱਟ ਬੰਦ ਹੋਣ ਦੀ ਸੂਰਤ 'ਚ ਵੀ ਅੰਗਰੇਜ਼ੀ ਤੋਂ ਹਿੰਦੀ ਅਨੁਵਾਦ ਦਾ ਕੰਮ ਕਰ ਸਕਦੇ ਹੋ।
·           ਟੱਚ ਟੂ ਟਾਈਪ (Touch to type) ਦੇ ਹੇਠਾਂ ਤਿੰਨ ਆਕ੍ਰਿਤੀਆਂ ਕੈਮਰਾ, ਮਾਈਕਰੋਫ਼ੋਨ ਅਤੇ ਮੁਕਤ ਅੱਖਰ ਨਜ਼ਰ ਆਉਣਗੀਆਂ।
·         ਕੈਮਰੇ 'ਤੇ ਟੱਚ ਕਰੋ। ਕਿਸੇ ਅੰਗਰੇਜ਼ੀ ਦੇ ਦਸਤਾਵੇਜ਼ ਦੀ ਫ਼ੋਟੋ ਖਿੱਚੋ। ਪ੍ਰੋਗਰਾਮ ਤੁਹਾਨੂੰ ਅਨੁਵਾਦ ਕੀਤੇ ਜਾਣ ਵਾਲੇ ਹਿੱਸੇ ਨੂੰ ਉਂਗਲੀ ਨਾਲ ਚੁਣਨ ਲਈ ਕਹੇਗਾ। ਅਜਿਹਾ ਕਰਨ ਨਾਲ ਤੁਹਾਨੂੰ ਇਸਦਾ ਹਿੰਦੀ ਵਿਚ ਤਰਜਮਾ ਹੁੰਦਾ ਵੀ ਦਿਖਾਈ ਦੇਵੇਗਾ।
·         ਮਾਈਕਰੋਫ਼ੋਨ ਵਾਲੇ ਬਟਨ ਦੀ ਚੋਣ ਕਰਨ ਨਾਲ ਤੁਸੀਂ ਆਪਣੇ ਬੋਲੇ ਹੋਏ ਸ਼ਬਦਾਂ ਨੂੰ ਲਿਖਤੀ ਰੂਪ ਵਿਚ ਵੇਖ ਸਕਦੇ ਹੋ। ਤੇਜ਼ੀ ਨਾਲ ਲਿਖਤੀ ਸੁਨੇਹਾ ਟਾਈਪ ਕਰਨ ਦਾ ਇਹ ਇੱਕ ਕਾਰਗਰ ਤਰੀਕਾ ਹੈ।
·         ਜੇਕਰ ਤੁਸੀਂ ਚਾਹੁੰਦੇ ਹੋ ਕਿ ਟੱਚ ਕੀ-ਬੋਰਡ ਦੀ ਬਜਾਏ ਉਂਗਲੀ ਦੀ ਛੋਹ ਰਾਹੀਂ ਰਵਾਇਤੀ ਢੰਗ ਨਾਲ ਲਿਖ ਕੇ ਟਾਈਪ ਦਾ ਕੰਮ ਕੀਤਾ ਜਾਵੇ ਤਾਂ ਇਹ ਵੀ ਸੰਭਵ ਹੈ। ਗੂਗਲ ਦੀ ਟੱਚ ਪਛਾਣ ਤਕਨੀਕ ਅਤੇ ਸ਼ਕਤੀਸ਼ਾਲੀ ਡਾਟਾਬੇਸ ਦੇ ਸੁਮੇਲ ਨਾਲ ਤੁਸੀਂ ਲਿਖੇ ਜਾਣ ਵਾਲੇ ਮਜਮੂੂਨ ਨੂੰ ਸ਼ਬਦ-ਦਰ-ਸ਼ਬਦ ਟਾਈਪ ਕਰ/ਡਿਜੀਟਲ ਰੂਪ ਵਿਚ ਬਦਲ ਸਕਦੇ ਹੋ। ਕਰਨਾ ਇਹ ਹੈ ਕਿ ਐਨ ਸੱਜੇ ਹੱਥ ਨਜ਼ਰ ਆਉਣ ਵਾਲੇ ਟੇਢੇ-ਮੇਢੇ ਅੱਖਰ 'ਤੇ ਉਂਗਲੀ ਨਾਲ ਲਿਖਣਾ ਸ਼ੁਰੂ ਕਰ ਦਿਓ। ਪ੍ਰੋਗਰਾਮ ਤੁਹਾਨੂੰ ਲਿਖੇ ਗਏ ਸ਼ਬਦਾਂ ਨਾਲ ਰਲਦੇ-ਮਿਲਦੇ ਸ਼ਬਦਾਂ ਦੀ ਸੂਚੀ ਸੁਝਾਅ ਵਜੋਂ ਦਿਖਾਏਗਾ। ਇੱਥੋਂ ਢੁਕਵੇਂ ਸ਼ਬਦ ਦੀ ਚੋਣ ਕਰੋ ਤੇ ਪੂਰਾ ਸੰਦੇਸ਼ ਟਾਈਪ ਕਰਨ ਲਈ ਇਹ ਪ੍ਰਕਿਰਿਆ ਜਾਰੀ ਰੱਖੋ। ਬੇਸ਼ੱਕ ਗੂਗਲ ਅਨੁਵਾਦ ਦੇ ਇਸ ਵਿਆਪਕ ਪ੍ਰੋਜੈਟਰ 'ਚ ਗੁਣਵੱਤਾ ਪੱਖੋਂ ਕਾਫ਼ੀ ਘਾਟਾਂ ਹਨ। ਪਰ ਭਾਸ਼ਾਈ ਅਸੂਲਾਂ ਵਿਆਕਰਨਿਕ ਨਿਯਮਾਂ, ਸ਼ਬਦ-ਜੋੜ ਦੀ ਇਕਸੁਰਤਾ, ਖੇਤਰੀ ਪੈਮਾਨਿਆਂ ਨੂੰ ਅੱਖੋਂ ਪਰੋਖੇ ਕਰ ਦੇਈਏ ਤਾਂ ਆਮ ਆਦਮੀ ਲਈ ਗੱਲ ਨੂੰ ਮੋਟੇ ਤੌਰ ਤੇ ਸਮਝਣ ਲਈ ਇਹ ਇੱਕ ਜਾਦੂ ਦੀ ਛੜੀ ਤੋਂ ਘੱਟ ਨਹੀਂ। ਗੂਗਲ ਵੱਲੋਂ ਅਨੁਵਾਦ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਪਾਠ ਅਤੇ ਉਚਾਰਨ ਡਾਟਾਬੇਸ ਦਾ ਜ਼ਖ਼ੀਰਾ ਇਕੱਠਾ ਕੀਤਾ ਜਾ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਗੂਗਲ ਅਨੁਵਾਦ ਰਾਹੀਂ ਦੁਨੀਆ 'ਚ ਭਾਸ਼ਾਵਾਂ ਅਤੇ ਲਿਪੀਆਂ ਦੇ ਨਾਵਾਂ 'ਤੇ ਉੱਸਰੀਆਂ ਕੰਧਾਂ ਢਹਿ-ਢੇਰੀ ਹੋ ਜਾਣਗੀਆਂ।
ਗੂਗਲ ਅਨੁਵਾਦਕ ਟੂਲ ਕਿੱਟ
'ਗੂਗਲ ਅਨੁਵਾਦਕ ਟੂਲ ਕਿੱਟ' (Google Translator Tool Kit) ਗੂਗਲ ਦੀ ਅਨੁਵਾਦ ਮੁਹਿੰਮ ਦਾ ਇੱਕ ਮਹੱਤਵਪੂਰਨ ਪ੍ਰੋਗਰਾਮ ਹੈ। ਇਹ ਇਹ ਵੱਖ-ਵੱਖ ਭਾਸ਼ਾਵਾਂ ਦੇ ਆਪਸੀ ਅਨੁਵਾਦ ਲਈ ਸਹਾਇਤਾ ਕਰਦਾ ਹੈ। ਗੂਗਲ ਅਨੁਵਾਦਕ ਅਭਿਆਨ ਨਾਲ ਵਿਭਿੰਨ ਭਾਸ਼ਾਵਾਂ ਦੇ ਹਜ਼ਾਰਾਂ ਪੇਸ਼ੇਵਰ ਅਨੁਵਾਦਕ ਜੁੜੇ ਹੋਏ ਹਨ। ਇਹ ਅਨੁਵਾਦਕ ਲੋੜ ਅਨੁਸਾਰ ਗੂਗਲ ਨੂੰ ਸੇਵਾਵਾਂ ਪ੍ਰਦਾਨ ਕਰਵਾਉਂਦੇ ਹਨ। ਮੰਨ ਲਓ ਤੁਸੀਂ ਕਿਸੇ ਭਾਸ਼ਾ ਦੇ ਦਸਤਾਵੇਜ਼ ਨੂੰ ਫ਼ੌਰੀ ਤੌਰ 'ਤੇ ਅਨੁਵਾਦ ਕਰਵਾਉਣਾ ਚਾਹੁੰਦੇ ਹੋ ਪਰ ਤੁਹਾਡੇ ਸੰਪਰਕ 'ਚ ਕੋਈ ਵੀ ਭਾਸ਼ਾ ਅਨੁਵਾਦਕ ਨਹੀਂ ਹੈ। ਇਸ ਸਥਿਤੀ 'ਚ ਗੂਗਲ ਅਨੁਵਾਦਕ ਟੂਲ ਕਿੱਟ ਹੇਠਾਂ ਦਿੱਤੀ ਵਿਧੀ ਅਨੁਸਾਰ ਤੁਹਾਡੀ ਮਦਦ ਕਰ ਸਕਦੀ ਹੈ:
www.translete.google.com/toolkit ਵੈੱਬਸਾਈਟ ਨੂੰ ਖੋਲ੍ਹੋ
·         ਗੂਗਲ ਅਨੁਵਾਦਕ ਟੂਲ ਕਿੱਟ ਦਾ ਮੁੱਖ ਪੰਨਾ ਖੁਲੇਗਾ। ਇੱਥੋਂ ਖੱਬੇ ਸਿਖਰ 'ਤੇ 'ਅੱਪਲੋਡ' ਵਾਲੇ ਬਟਨ 'ਤੇ ਕਲਿੱਕ ਕਰੋ।
·         ਅਨੁਵਾਦ ਕੀਤੇ ਜਾਣ ਵਾਲੇ ਦਸਤਾਵੇਜ਼ ਦੀ (ਨਿਰਧਾਰਿਤ ਫਾਰਮੈਟ ਵਾਲੀ) ਫਾਈਲ ਚੁਣੋ।
·         ਸਰੋਤ ਭਾਸ਼ਾ ਅਤੇ ਅਨੁਵਾਦ ਕੀਤੀ ਜਾਣ ਵਾਲੀ ਭਾਸ਼ਾ ਦੀ ਚੋਣ ਕਰੋ।
·         ਫਾਈਲ ਅੱਪਲੋਡ ਹੋਣ ਉਪਰੰਤ ਇੱਕ ਸੂਚਨਾ ਵੇਰਵਾ ਜਾਰੀ ਹੋਵੇਗਾ ਜਿਸ ਵਿਚ ਅਨੁਵਾਦ ਕੀਤੀ ਜਾਣ ਵਾਲੀ ਫਾਈਲ ਦਾ ਆਕਾਰ, ਕਰੈਡਿਟ ਕਾਰਡ ਜਾਂ ਪੇਅ-ਪਾਲ ਰਾਹੀ ਅਦਾਇਗੀ ਕਰਨ ਬਾਰੇ ਜਾਣਕਾਰੀ, ਅਨੁਵਾਦ ਕਾਰਜ ਪੂਰਾ ਕਰਕੇ ਫਾਈਲ ਨੂੰ ਵਾਪਸ ਭੇਜਣ ਦੀ ਤਾਰੀਖ਼ ਅਤੇ ਸਮਾ, ਅਨੁਵਾਦ ਲਈ ਲੋੜੀਂਦਾ ਔਸਤਨ ਮਿਹਨਤਾਨਾ ਆਦਿ ਦਰਜ ਹੋਵੇਗਾ।
·         ਇਹ ਸੁਵਿਧਾ 'ਪੇਅਡ' ਹੈ। ਦਰਸਾਈ ਗਈ ਰਾਸ਼ੀ ਦਾ ਭੁਗਤਾਨ ਆਨ-ਲਾਈਨ ਕਰਨ ਉਪਰੰਤ ਤੁਹਾਨੂੰ ਘਰ ਬੈਠਿਆਂ ਪਾਏਦਾਰ ਅਨੁਵਾਦ ਪ੍ਰਾਪਤ ਹੋ ਜਾਂਦਾ ਹੈ।

Dr C P Kamboj/Assistant Professor/Punjabi Computer Help Centre/Punjabi University Patiala/Mobile No 9417455614/E-mail: cpk@pbi.ac.in/Website: www.cpkamboj.com
Previous
Next Post »