ਨਿੱਕੇ ਲਿੰਕ ਰਾਹੀ ਸਾਂਝੀਆਂ ਕਰੋ ਵੱਡੀਆਂ ਫਾਈਲਾਂ/cpKamboj_punjabiComputer


15-4-18


ਕੰਪਿਊਟਰ ਦੀ ਆਮਦ ਤੋਂ ਹੀ ਮਨੁੱਖ ਨੂੰ ਕੰਪਿਊਟਰੀ ਫਾਈਲਾਂ ਜਾਂ ਅੰਕੜਿਆਂ ਨੂੰ ਇਧਰ-ਓਧਰ ਭੇਜਣ ਦੀ ਲੋੜ ਪੈਂਦੀ ਰਹੀ ਹੈ। ਪਹਿਲਾਂ-ਪਹਿਲ ਅੰਕੜਿਆਂ ਦੇ ਆਦਾਨ-ਪ੍ਰਦਾਨ ਨਾਲ ਵਿਕਸਿਤ ਤਕਨੀਕਾਂ ਹੋਂਦ 'ਚ ਨਹੀਂ ਆਈਆਂ ਸਨ। ਸਮਾਂ ਪਾ ਕੇ ਸਿਲੈਕਟ੍ਰਾਨ ਟਿਊਬਾਂ, ਪੰਚ ਕਾਰਡ, ਪੰਚ ਟੇਪ, ਚੁੰਬਕੀ ਡਰੰਮ, ਹਾਰਡ ਡਿਸਕ, ਲੇਜ਼ਰ ਡਿਸਕ, ਫ਼ਲੌਪੀ ਡਿਸਕ, ਚੁੰਬਕੀ ਟੇਪ ਆਦਿ ਦੀ ਖੋਜ ਹੋਈ। ਫਿਰ ਅਮਰੀਕਾ ਵਿਚ ਸਾਲ 1969 ਵਿਚ ਅਰਪਾਨੈਟ ਨਾਂ ਦੇ ਮਿਲਟਰੀ ਨੈੱਟਵਰਕ ਦੀ ਆਮਦ ਨਾਲ ਇੰਟਰਨੈੱਟ ਦੀ ਖੋਜ ਹੋਈ। 15 ਅਗਸਤ 1995 ਨੂੰ ਵਿਦੇਸ਼ ਸੰਚਾਰ ਨਿਗਮ ਲਿਮਟਿਡ (ਵੀਐੱਸਐੱਨਐੱਲ) ਦੇ ਸਹਿਯੋਗ ਨਾਲ ਇੰਟਰਨੈੱਟ ਨੇ ਭਾਰਤ ਦੀ ਧਰਤੀ 'ਤੇ ਪੈਰ ਰੱਖੇ। 6 ਅਗਸਤ 1991 ਨੂੰ ਵੈੱਬਸਾਈਟ ਦੀ ਸੁਵਿਧਾ ਆਮ ਜਨਤਾ ਨੂੰ ਨਸੀਬ ਹੋਈ।
ਇੰਟਰਨੈੱਟ ਅਤੇ ਵੈੱਬ ਤਕਨਾਲੋਜੀ ਦੀ ਆਮਦ ਨਾਲ ਕੰਪਿਊਟਰੀ ਫਾਈਲਾਂ ਜਾਂ ਡਿਜੀਟਲ ਡਾਟੇ ਦੇ ਸੁਰੱਖਿਅਤ ਅਤੇ ਕਫ਼ਾਇਤੀ ਆਦਾਨ-ਪ੍ਰਦਾਨ ਦਾ ਰਾਹ ਪੱਧਰ ਹੋ ਗਿਆ। ਪਿਛਲੇ 20 ਵਰ੍ਹਿਆਂ ਤੋਂ ਕੰਪਿਊਟਰ ਖੋਜਕਾਰ ਅਜਿਹੀਆਂ ਤਕਨੀਕਾਂ ਦੀ ਖੋਜ ਵਿਚ ਲੱਗੇ ਹੋਏ ਹਨ ਜਿਨ੍ਹਾਂ ਰਾਹੀਂ ਇੰਟਰਨੈੱਟ ਦੇ ਜ਼ਰੀਏ ਡਾਟੇ ਦਾ ਆਦਾਨ-ਪ੍ਰਦਾਨ ਆਸਾਨ ਅਤੇ ਸੁਰੱਖਿਅਤ ਹੋ ਜਾਵੇ। ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਪਾਠਕ ਜਾਣਦੇ ਹਨ ਕਿ ਕਿਵੇਂ ਈ-ਮੇਲ ਦੇ ਸਹਾਰੇ ਅਸੀਂ ਆਪਣੇ ਸੰਦੇਸ਼ਾਂ, ਫਾਈਲ ਅਟੈਚਮੈਂਟਾਂ ਆਦਿ ਨੂੰ ਅੱਖ ਦੇ ਇਸ਼ਾਰੇ ਨਾਲ ਸੱਤ ਸਮੁੰਦਰੋਂ ਪਾਰ ਭੇਜ ਸਕਦੇ ਹਾਂ। ਈ-ਮੇਲ ਸੁਵਿਧਾਵਾਂ ਨੇ ਡਾਟਾ ਸ਼ੇਅਰਿੰਗ ਦੇ ਖੇਤਰ ਵਿਚ ਇੱਕ ਉੱਚੀ ਉਡਾਣ ਭਰੀ ਹੈ।
ਇੰਟਰਨੈੱਟ ਰਾਹੀਂ ਫਾਈਲਾਂ ਸਾਂਝੀਆਂ ਕਰਨ ਲਈ ਕਈ ਸਾਫ਼ਟਵੇਅਰ ਅਤੇ ਮੇਲ ਪ੍ਰੋਗਰਾਮ ਈਜਾਦ ਹੋ ਚੁੱਕੇ ਹਨ। ਇਨ੍ਹਾਂ ਸਾਫਟਵੇਅਰਾਂ ਵਿਚ ਫਾਈਲ ਸਟੋਰੇਜ, ਵੰਡ ਅਤੇ ਸੰਚਾਰ ਲਈ ਉਚਾਵੇਂ ਸਟੋਰੇਜ ਉਪਕਰਨ ਜਿਵੇਂ ਕਿ ਪੈੱਨ ਡਰਾਈਵ, ਕੇਂਦਰੀ ਵੈੱਬ ਹੌਸਟਿੰਗ ਪ੍ਰਣਾਲੀ, ਵੈੱਬ ਆਧਾਰਿਤ ਦਸਤਾਵੇਜ਼ ਅਤੇ ਪੀਅਰ-ਟੂ-ਪੀਅਰ ਨੈੱਟਵਰਕ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਇਨਸਾਨ ਕੋਲ ਆਲਾ ਦਰਜੇ ਦੀ ਫਾਈਲਾਂ ਸਾਂਝੀਆਂ ਕਰਨ ਵਾਲੀ ਤਕਨੀਕ ਹੈ ਜਿਸ ਰਾਹੀਂ ਉਹ ਕੰਪਿਊਟਰ ਤੋਂ ਕੰਪਿਊਟਰ ਸੁਰੱਖਿਅਤ ਸੰਚਾਰ ਕਰਕੇ ਫਾਈਲਾਂ ਭੇਜ ਅਤੇ ਪ੍ਰਾਪਤ ਕਰ ਸਕਦਾ ਹੈ।
ਲਿੰਕ ਸਾਂਝਾ ਕਰਨ ਵਾਲੇ ਪ੍ਰੋਗਰਾਮ
ਇੰਟਰਨੈੱਟ 'ਤੇ ਫਾਈਲਾਂ ਦੇ ਲਿੰਕ ਸਾਂਝੇ (Share) ਕਰਨ ਵਾਲੇ ਕਈ ਪ੍ਰੋਗਰਾਮ ਅਤੇ ਵੈੱਬਸਾਈਟਾਂ ਵਿਕਸਿਤ ਹੋ ਚੁਕੀਆਂ ਹਨ। ਇਹਨਾਂ ਵਿਚੋਂ ਪ੍ਰਮੁੱਖ ਹਨ- ਡਰੌਪ ਬਾਕਸ, ਜੰਪ ਸ਼ੇਅਰ ਮੀਡੀਆ ਫਾਇਰ, 4ਸ਼ੇਅਰਡ, ਰੈਪਿਡ ਸ਼ੇਅਰ ਡਾਟ ਕਾਮ, ਇਜ਼ੀ ਸ਼ੇਅਰ ਡਾਟ ਕਾਮ, ਬਿੱਟ ਟੋਰੈਂਟ, ਸਾਈਬਰ ਲੋਕਰਸ, ਗੂਗਲ ਡਰਾਈਵ, ਸਕਾਈ ਡਰਾਈਵ, ਆਈ-ਕਲਾਊਡ, ਮੇਗਾ, ਜ਼ਿੱਪੀ ਸ਼ੇਅਰ, ਅੱਪਲੋਡਿਡ, ਡਿਪੋਜਿਟ ਫਾਈਲਸ, ਹਾਈ ਟੇਲ, ਸੇਂਡ ਸਪੇਸ, ਫਾਈਲ ਕਰੌਪ ਡਾਟ ਕਾਮ, ਫਾਈਲਸ ਟਿਊਬ, ਫਾਈਲ ਸਰਵ ਆਦਿ ਪ੍ਰਮੁੱਖ ਹਨ।
ਲੋੜ ਕਿਉਂ ?
ਸਾਡੇ ਵਿਚੋਂ ਕਈਆਂ ਨੇ ਈ-ਮੇਲ ਖਾਤਾ ਬਣਾਇਆ ਹੋਣਾ ਹੈ। ਈ-ਮੇਲ ਰਾਹੀਂ ਅਸੀਂ ਸੰਦੇਸ਼ ਭੇਜ ਸਕਦੇ ਹਾਂ ਤੇ ਫਾਈਲਾਂ ਨੱਥੀ (Attach) ਕਰਕੇ ਭੇਜ ਸਕਦੇ ਹਾਂ। ਇਸ ਰਾਹੀ ਇੱਕ ਸੀਮਤ ਆਕਾਰ ਵਾਲੀਆਂ ਫਾਈਲਾਂ ਹੀ ਨੱਥੀ ਕਰਕੇ ਭੇਜੀਆਂ ਜਾ ਸਕਦੀਆਂ ਹਨ। ਜੀ-ਮੇਲ ਅਤੇ ਯਾਹੂ ਰਾਹੀਂ ਅਸੀਂ ਸਿਰਫ਼ 25 ਐੱਮਬੀ ਆਕਾਰ ਤੱਕ ਫਾਈਲ ਭੇਜ ਸਕਦੇ ਹਾਂ। ਇਸੇ ਤਰ੍ਹਾਂ ਹੌਟ ਮੇਲ ਰਾਹੀਂ ਫਾਈਲ ਭੇਜਣ ਦੀ ਸਮਰੱਥਾ ਸਿਰਫ਼ 10 ਐੱਮਬੀ ਹੈ। ਮੇਲ ਡਾਟ ਕਾਮ ਰਾਹੀਂ 50 ਐੱਮਬੀ, ਮਾਈਕਰੋਸਾਫ਼ਟ ਆਉਟਲੁਕ ਰਾਹੀਂ 20 ਐੱਮਬੀ ਤੱਕ ਡਾਟਾ ਭੇਜਿਆ ਜਾ ਸਕਦਾ ਹੈ। ਨਿਰਧਾਰਿਤ ਸੀਮਾ ਤੋਂ ਵੱਧ ਆਕਾਰ ਵਾਲੀ ਫਾਈਲ ਨੱਥੀ ਕਰਨ ਸਮੇਂ ਤੁਹਾਨੂੰ 'ਤੁਹਾਡਾ ਸੰਦੇਸ਼ ਪ੍ਰਵਾਨਿਤ ਅਟੈਚਮੈਂਟ ਆਕਾਰ ਤੋਂ ਵੱਡਾ ਹੈ' ਚੌਕਸੀ ਸੰਦੇਸ਼ ਪ੍ਰਾਪਤ ਹੁੰਦਾ ਹੈ। ਵੱਡੇ ਆਕਾਰ ਵਾਲੀ ਫ਼ੋਟੋ, ਵੱਡੀ ਸਪਰੈੱਡਸ਼ੀਟ, ਵਿਸ਼ਾਲ ਪ੍ਰੋਗਰਾਮ ਕੋਡ, ਵੀਡੀਓ, ਔਡੀਓ ਆਦਿ ਭੇਜਣ ਸਮੇਂ ਇਹ ਈ-ਮੇਲ ਪ੍ਰੋਗਰਾਮ ਜਵਾਬ ਦੇ ਦਿੰਦੇ ਹਨ। ਅਜਿਹੀ ਸਥਿਤੀ ਵਿਚ ਫਾਈਲਾਂ ਦੇ ਲਿੰਕ ਸਾਂਝਾ ਕਰਨ ਵਾਲੇ ਪ੍ਰੋਗਰਾਮ ਲਾਹੇਵੰਦ ਸਾਬਤ ਹੋਏ ਹਨ। ਇਨ੍ਹਾਂ ਪ੍ਰੋਗਰਾਮਾਂ ਵਿਚ ਵੀ ਭਾਵੇਂ ਫਾਈਲ ਆਕਾਰ ਦੀ ਸੀਮਾ ਤਹਿ ਕੀਤੀ ਹੋਈ ਹੁੰਦੀ ਹੈ ਪਰ ਇਹ ਵੱਡੀਆਂ ਫਾਈਲਾਂ ਦੇ ਅਦਾਨ-ਪ੍ਰਦਾਨ ਦੀ ਸਮਰੱਥਾ ਰੱਖਦੇ ਹਨ। ਉਕਤ ਦਰਸਾਏ ਵੱਖ-ਵੱਖ ਪ੍ਰੋਗਰਾਮਾਂ/ਵੈੱਬਸਾਈਟਾਂ ਵਿਚ ਨੱਥੀ ਕੀਤੀ ਜਾ ਸਕਣ ਵਾਲੀ ਫਾਈਲ ਦੇ ਆਕਾਰ ਦੀ ਸੀਮਾ ਵੱਖੋ-ਵੱਖਰੀ ਹੋ ਸਕਦੀ ਹੈ। 

Dr C P Kamboj/Assistant Professor/Punjabi Computer Help Centre/Punjabi University Patiala/Mobile No 9417455614/E-mail: cpk@pbi.ac.in/Website: www.cpkamboj.com

Previous
Next Post »