ਗੂਗਲ ਮੈਪ : ਇੱਕ ਵੈਬ ਮਾਨ ਚਿੱਤਰ ਸੇਵਾ/cpKamboj_punjabiComputer

22-7-18

ਗੂਗਲ ਮੈਪ (Google Map) ਕੰਪਿਊਟਰਾਂ ਅਤੇ ਸਮਾਰਟ ਫੋਨਾਂ ਲਈ ਇੱਕ ਵੈੱਬ ਮਾਨ ਚਿੱਤਰ ਸੇਵਾ ਹੈ। ਇਹ ਗੂਗਲ ਵੱਲੋਂ ਵਿਕਸਿਤ ਕੀਤੀ ਆਲਾ ਦਰਜੇ ਦੀ ਤਕਨੀਕ 'ਤੇ ਆਧਾਰਿਤ ਹੈ। ਇਹ ਪੂਰੀ ਦੁਨੀਆ ਦੇ ਨਕਸ਼ੇ 'ਤੇ ਪੰਛੀ ਝਾਤ ਮਾਰਨ, ਮਹੱਤਵਪੂਰਨ ਸ਼ਹਿਰਾਂ ਦੇ ਨੇੜਲੇ ਦ੍ਰਿਸ਼ ਦੇਖਣ, ਆਵਾਜਾਈ ਦਾ ਰਸਤਾ ਦੇਖਣ ਸਮੇਤ ਹੋਰ ਵੀ ਅਨੇਕਾਂ ਸੁਵਿਧਾਵਾਂ ਮੁਹੱਈਆ ਕਰਵਾਉਂਦੀ ਹੈ।
ਗੂਗਲ ਐਪ ਉਪਗ੍ਰਹਿ ਚਿੱਤਰ ਅਤੇ 800 ਤੋਂ 1500 ਫੁੱਟ ਦੀ ਉਚਾਈ ਤੋਂ ਹਵਾਈ ਜਹਾਜ਼ ਰਾਹੀਂ ਲਏ ਗਏ ਚਿੱਤਰਾਂ 'ਤੇ ਆਧਾਰਿਤ ਹੈ। ਗੂਗਲ ਆਪਣੀ ਐਪ ਦੇ ਡਾਟਾਬੇਸ 'ਤੇ ਲਗਾਤਾਰ ਤਾਜ਼ਾ ਤਾਰੀਨ ਜਾਣਕਾਰੀ ਪਾਉਂਦਾ ਰਹਿੰਦਾ ਹੈ। ਫਿਰ ਵੀ ਇਸ ਰਾਹੀਂ ਪ੍ਰਾਪਤ ਉਪਗ੍ਰਹਿ ਚਿੱਤਰ ਉਸੇ ਸਮੇਂ ਅੱਪਡੇਟ ਨਹੀਂ ਕੀਤੇ ਜਾਂਦੇੇ। ਕਿਸੇ ਸਮੇਂ ਮੱਧਮ ਰਫ਼ਤਾਰ ਅਤੇ ਸੁਰੱਖਿਆ ਦੇ ਮਸਲਿਆਂ ਕਾਰਨ ਕਾਰਨ ਗੂਗਲ ਮੈਪ ਐਪ ਆਲੋਚਨਾ ਦੀ ਚਰਚਾ ਦਾ ਵਿਸ਼ਾ ਰਹੀ ਹੈ। ਪਰ ਸਾਲ 2013 ਵਿਚ ਗੂਗਲ ਵੱਲੋਂ ਪੁਨਰ ਡਿਜ਼ਾਈਨ ਕੀਤਾ ਉੱਤਮ ਸੰਸਕਰਨ ਲਾਂਚ ਕੀਤਾ ਗਿਆ। ਇਸ ਉੱਤੇ ਮੈਪ ਦ੍ਰਿਸ਼ ਦੇ ਸਾਧਾਰਨ ਕਾਰਜ, ਪੈਮਾਨਾ ਪੱਟੀ, ਮਹੱਤਵਪੂਰਨ ਥਾਵਾਂ ਅਤੇ ਗਲੀਆਂ ਦੇ ਦ੍ਰਿਸ਼ ਬੰਦ ਕਰ ਦਿੱਤੇ ਗਏ। ਉਂਜ ਪੁਰਾਣੇ ਵਿਸਤਰਿਤ ਦ੍ਰਿਸ਼ ਦਿਖਾਉਣ ਵਾਲੇ ਸੰਸਕਰਨ 'åੇ ਜਾਣਾ ਸੰਭਵ ਹੈ। ਗੂਗਲ ਮੈਪ ਤਕਨੀਕੀ ਕਾਰਨ ਕਰਕੇ ਧਰੂਵੀ ਖੇਤਰਾਂ ਦੇ ਦ੍ਰਿਸ਼ ਨਹੀਂ ਦਿਖਾ ਪਾਉਂਦਾ। ਇਸ ਮੰਤਵ ਲਈ ਗੂਗਲ ਅਰਥ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਵਿਸ਼ੇਸ਼ਤਾਵਾਂ
ਗੂਗਲ ਮੈਪ ਅਨੇਕਾਂ ਵਿਸ਼ੇਸ਼ਤਾਵਾਂ ਕਾਰਨ ਪੂਰੀ ਦੁਨੀਆ ਵਿਚ ਪ੍ਰਸਿੱਧ ਹੈ। ਜਿਵੇਂ ਕਿ :
·        ਇਹ ਦੁਨੀਆ ਦੇ ਨਕਸ਼ੇ ਨੂੰ ਬੜੀ ਫੁਰਤੀ ਨਾਲ ਅਤੇ ਆਸਾਨ ਤਰੀਕੇ ਨਾਲ ਵੇਖਣ ਦੀ ਭਰੋਸੇਮੰਦ ਯੁਗਤ ਹੈ।
·        ਇਸ ਉੱਤੇ ਦੁਨੀਆ ਦੇ 220 ਦੇਸ਼ਾਂ ਦੇ ਬਿਲਕੁਲ ਸਹੀ ਨਕਸ਼ੇ ਉਪਲਬਧ ਹਨ।
·        ਇਹ ਵਾਹਨਾਂ ਦੇ ਡਰਾਈਵਰਾਂ ਨੂੰ ਮਿੱਥੀ ਮੰਜ਼ਿਲ ਦਾ ਨਾਲੋ-ਨਾਲ ਸਹੀ ਰਸਤਾ ਦਿਖਾਉਣ 'ਚ ਮਦਦ ਕਰਦੀ ਹੈ। ਇਸ ਵਿਚ ਵੌਇਸ ਗਾਇਡ ਅਰਥਾਤ ਆਵਾਜ਼ ਰਾਹੀਂ ਮਾਰਗ-ਦਰਸ਼ਨ ਕਰਵਾਉਣ ਦੀ ਸੁਵਿਧਾ ਵੀ ਜੋੜੀ ਗਈ ਹੈ। ਇਹ ਸੁਵਿਧਾਵਾਂ ਪੂਰੀ ਤਰਾਂ ਜੀਪੀਐੱਸ 'ਤੇ ਆਧਾਰਿਤ ਹੈ।
·        ਇਸ ਉੱਤੇ 15000 ਕਸਬਿਆਂ ਅਤੇ ਸ਼ਹਿਰਾਂ ਦੀਆਂ ਸੜਕਾਂ, ਦਿਸ਼ਾਵਾਂ ਅਤੇ ਨਕਸ਼ਿਆਂ ਬਾਰੇ ਵਿਸਤਰਿਤ ਜਾਣਕਾਰੀ ਹੈ।
·        ਇਹ ਐਪ ਕਿਸੇ ਵਿਸ਼ੇਸ਼ ਥਾਂ 'ਤੇ ਟ੍ਰੈਫਿਕ ਦੀ ਸਥਿਤੀ ਬਾਰੇ ਸਿੱਧੀ ਜਾਣਕਾਰੀ ਮੁਹੱਈਆ ਕਾਰਵਾ ਸਕਦੀ ਹੈ।
·         ਸਫਰ ਦੌਰਾਨ ਡਰਾਈਵਰਾਂ ਨੂੰ ਉਸ ਰੂਟ ਨਾਲ ਸਬੰਧਿਤ ਲਾਂਘੇ 'ਤੇ ਘਟੀ ਘਟਨਾ/ਦੁਰਘਟਨਾ ਬਾਰੇ ਰਿਪੋਰਟ ਮੁਹੱਈਆ ਕਰਵਾਉਂਦੀ ਹੈ।
·        ਇਹ ਆਪਣੇ-ਆਪ ਬਦਲਵਾਂ ਰੂਟ ਲੱਭਣ 'ਚ ਸਹਾਇਤਾ ਕਰਦੀ ਹੈ।
·        ਇਹ ਦੁਨੀਆ ਦੀਆਂ 10 ਕਰੋੜ ਤੋਂ ਵੱਧ ਥਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕਰਵਾਉਂਦੀ ਹੈ।
·        ਇਹ ਹੋਟਲਾਂ, ਅਜਾਇਬ ਘਰਾਂ ਆਦਿ ਦਾ ਅੰਦਰੂਨੀ ਚਿਤਰਨ ਪ੍ਰਦਰਸ਼ਿਤ ਕਰਨ 'ਚ ਮਦਦ ਕਰਦੀ ਹੈ।
·        ਇਹ ਸੜਕੀ ਦ੍ਰਿਸ਼, ਪਾਰਕਿੰਗ, ਮੋੜ, ਇੱਕ ਪਾਸੜ ਗਲੀਆਂ ਆਦਿ ਦਾ ਦ੍ਰਿਸ਼ ਵਿਖਾਉਂਦੀ ਹੈ।
ਅਰਥ 3-ਡੀ
ਗੂਗਲ ਦੀ 'ਅਰਥ 3-ਡੀ (Earth 3-D) ਇੱਕ ਮਹੱਤਵਪੂਰਨ ਐਪ ਹੈ। ਇਸ ਰਾਹੀਂ ਘੁੰਮਦੀ ਹੋਈ ਧਰਤੀ, ਨਕਸ਼ੇ, ਵੱਖ-ਵੱਖ ਮੁਲਕਾਂ ਦੀ ਸੂਚੀ ਅਤੇ ਪੁਲਾੜ ਦੇ ਵਿਭਿੰਨ ਦ੍ਰਿਸ਼ਾਂ ਨੂੰ ਵੇਖਆ ਜਾ ਸਕਦਾ ਹੈ। ਇਹ ਧਰਤੀ ਦਾ ਤਿੰਨ ਆਯਾਮੀ ਦ੍ਰਿਸ਼ ਪੇਸ਼ ਕਰਦੀ ਹੈ। ਇਸ ਨੂੰ ਛੋਟਾ ਅਤੇ ਵੱਡਾ ਕਰਕੇ ਦੇਖਣ ਦੀ ਵਿਵਸਥਾ ਵੀ ਹੈ। ਐਪ ਦੀ ਮੁੱਖ ਸਕਰੀਨ 'ਤੇ 'ਰੋਟੇਸ਼ਨ' ਨਾਂ ਦੇ ਬਟਨ ਰਾਹੀਂ ਗਲੋਬ ਨੂੰ ਘੁਮਾਈਆ ਜਾ ਸਕਦਾ ਹੈ। ਇਹ ਐਪ 'ਮੈਪ' ਨਾਂ ਦੇ ਵਿਕਲਪ ਰਾਹੀਂ ਗੂਗਲ ਮੈਪ ਨਾਲ ਜਾਹ ਜੁੜਦੀ ਹੈ। ਸਕਰੀਨ ਦੇ ਖੱਬੇ ਹੱਥ 'ਅਰਥ' ਲੇਅਰ ਅਤੇ 'ਸਪੇਸ' ਬਟਨਾਂ ਰਾਹੀਂ ਗਲੋਬ ਦੀਆਂ ਵਿਭਿੰਨ ਪਰਤਾਂ ਦਾ ਰੰਗ ਅਤੇ ਬੈਕਗਰਾੳਂੂਡ ਸਕਰੀਨ ਬਦਲੀ ਜਾ ਸਕਦੀ ਹੈ। 'ਨੈਸ਼ਨ' ਬਟਨ ਤੋਂ ਵੱਖ-ਵੱਖ ਦੇਸ਼ਾਂ ਦੀ ਸੂਚੀ ਉਨ੍ਹਾਂ ਦੇ ਕੌਮੀ ਝੰਡਿਆਂ ਸਮੇਤ ਨਜ਼ਰ ਆਉਂਦੀ ਹੈ। ਇੱਥੋਂ ਗਲੋਬ 'ਤੇ ਕਿਸੇ ਮੁਲਕ ਦੀ ਭੂਗੋਲਿਕ ਸਥਿਤੀ ਸਮੇਤ ਜਾਂਚਣ ਲਈ ਉਸ ਮੁਲਕ ਦੀ ਚੋਣ ਕੀਤੀ ਜਾ ਸਕਦੀ ਹੈ।

Dr C P Kamboj/Assistant Professor/Punjabi Computer Help Centre/Punjabi University Patiala/Mobile No 9417455614/E-mail: cpk@pbi.ac.in/Website: www.cpkamboj.com
Previous
Next Post »