ਗੂਗਲ ਸਰਚ ਰਾਹੀਂ ਲੱਭੋ ਜਾਣਕਾਰੀ/cpKamboj_punjabiComputer

5-8-18

         ਅੱਜ ਗੂਗਲ ਸਰਚ ਦਾ ਜਾਦੂ ਸਮੁੱਚੇ ਕੰਪਿਊਟਰ ਜਗਤ ਦੇ ਸਿਰ 'ਤੇ ਚੜ੍ਹ ਕੇ ਬੋਲ ਰਿਹਾ ਹੈ। ਹਰ ਕੋਈ ਗੂਗਲ ਦਾ ਦੀਵਾਨਾ ਹੋਇਆ ਫਿਰਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਕੁੱਝ ਵੀ ਚੇਤੇ ਰੱਖਣ ਦੀ ਥਾਂ 'ਤੇ ਉਸ ਨੂੰ ਗੂਗਲ ਤੋਂ ਲੱਭਣ ਨੂੰ ਤਰਜੀਹ ਦਿੰਦੀ ਹੈ।
         ਗੂਗਲ ਸਰਚ ਇੰਟਰਨੈੱਟ ਦੀ ਦੁਨੀਆ ਦੀ ਇੱਕ ਮਹਾਨ ਖੋਜ ਹੈ। ਇਸ ਰਾਹੀਂ ਦੁਨੀਆ ਦੀਆਂ ਲੱਖਾਂ ਵੈੱਬਸਾਈਟਾਂ ਦੇ ਗਹਿਰੇ ਸਮੁੰਦਰ ਵਿਚੋਂ ਅੱਖ ਝਪਾਕੇ ਨਾਲ ਹੀ ਆਪਣੇ ਕੰਮ ਦੀ ਜਾਣਕਾਰੀ ਲੱਭੀ ਜਾ ਸਕਦੀ ਹੈ। ਅਸਲ ਵਿਚ ਇਹ ਕੰਪਿਊਟਰ ਦੀ ਨਾਮਵਰ ਕੰਪਨੀ '×ੂਗਲ' ਦਾ ਮਹੱਤਵਪੂਰਨ ਉਤਪਾਦ ਹੈ। ਜਿਸ ਬਾਰੇ ਤਕਨੀਕੀ ਖੋਜ ਲੈਰੀ ਪੇਜ (Larry Page) ਅਤੇ ਸੇਰਜੀਏ ਬਰੀਨ (Sergey Brin) ਨੇ ਸਾਲ 1997 ਵਿਚ ਕੀਤੀ। ਹਾਲਾਂਕਿ ਐਂਡਰਾਇਡ ਐਪ ਦਾ ਨਵਾਂ ਸੰਸਕਰਨ 2012 ਵਿਚ ਤਿਆਰ ਹੋਇਆ। ਐਂਡਰਾਇਡ ਦੀ ਖੋਜ ਤੋਂ ਫ਼ੌਰਨ ਬਾਅਦ (ਉਸੇ ਵਰ੍ਹੇ) ਸਾਲ 2007 ਵਿਚ ਐਂਡਰਾਇਡ 'ਤੇ ਚੱਲਣ ਵਾਲੀ ਸਰਚ ਐਪ ਵਿਕਸਿਤ ਹੋ ਗਈ ਸੀ।
ਗੂਗਲ ਸਰਚ 'ਚ ਆਲਾ ਦਰਜੇ ਦੀ ਤਕਨਾਲੋਜੀ ਵਰਤੀ ਜਾ ਰਹੀ ਹੈ। ਗੂਗਲ ਸਰਚ ਪ੍ਰਮੁੱਖ ਖੇਤਰੀ ਜ਼ੁਬਾਨਾਂ 'ਚ ਕਰਨੀ ਸੰਭਵ ਹੈ। ਯੂਨੀਕੋਡ ਪ੍ਰਣਾਲੀ ਦੀ ਖੋਜ ਨਾਲ ਖੇਤਰੀ ਭਾਸ਼ਾਵਾਂ ਵਿਚ ਵੈੱਬਸਾਈਟਾਂ ਬਣਾਉਣ ਅਤੇ 'ਗੂਗਲ' ਰਾਹੀਂ ਸਰਚ ਕਰਨ ਦੇ ਕੰਮ ਨੂੰ ਹੁਲਾਰਾ ਮਿਲਿਆ ਹੈ। ਗੂਗਲ ਸਰਚ ਵਰਤੋਂਕਾਰ ਦੀਆਂ ਸਰਚ ਆਦਤਾਂ ਨੂੰ ਧਿਆਨ 'ਚ ਰੱਖ ਕੇ ਨਤੀਜੇ ਦਿੰਦੀ ਹੈ। ਗੂਗਲ 'ਸਰਚ ਬਾਕਸ' ਦੇ ਹੇਠਾਂ ਕੁੱਝ ਅੱਖਰ ਟਾਈਪ ਕਰਨ ਉਪਰੰਤ ਸੁਝਾਅ ਸੂਚੀ ਨਜ਼ਰ ਆਉਂਦੀ ਹੈ। ਇਸ ਨਾਲ ਸਰਚ ਕੀਤਾ ਜਾਣ ਵਾਲਾ ਵਾਕਾਂਸ਼ ਪੂਰਾ ਟਾਈਪ ਕਰਨ ਦੀ ਲੋੜ ਨਹੀਂ ਪੈਂਦੀ ਤੇ ਸਮੇਂ ਦੀ ਕਾਫੀ ਬੱਚਤ ਹੁੰਦੀ ਹੈ।
ਗੂਗਲ ਸਰਚ ਕੀਤੇ ਜਾਣ ਵਾਲੇ ਸ਼ਬਦਾਂ, ਵਾਕਾਂਸ਼ਾਂ ਆਦਿ ਨਾਲ ਸਬੰਧਿਤ ਵੈੱਬ ਪੰਨਿਆਂ ਦੀ ਸੂਚੀ ਜਾਰੀ ਕਰਦੀ ਹੈ। ਇਸ ਸੂਚੀ ਦਾ ਇੱਕ ਵਿਸ਼ੇਸ਼ ਕ੍ਰਮ ਹੁੰਦਾ ਹੈ ਜਿਸ ਨੂੰ 'ਪੇਜ ਰੈਂਕ' ਕਿਹਾ ਜਾਂਦਾ ਹੈ। ਇਸ ਦੀ ਤਕਨਾਲੋਜੀ ਲੱਭੇ ਜਾਣ ਵਾਲੇ ਸ਼ਬਦ ਨੂੰ ਨਿਸ਼ਾਨਾ ਬਣਾ ਕੇ ਵੈੱਬਸਾਈਟਾਂ ਦੀ ਸੂਚੀ 'ਚ ਸਭ ਤੋਂ ਢੁਕਵੀਂ ਵੈੱਬਸਾਈਟ ਸਿਖਰ 'ਤੇ ਦਿਖਾਉਂਦੀ ਹੈ। ਗੂਗਲ ਰਾਹੀਂ ਸਮਾਨਾਰਥੀ ਸ਼ਬਦਾਂ, ਮੌਸਮ ਦੀ ਭਵਿੱਖਬਾਣੀ, ਟਾਈਮ ਜ਼ੋਨ, ਨਕਸ਼ੇ, ਭੂਚਾਲ ਸਬੰਧੀ ਅੰਕੜੇ, ਘਰਾਂ, ਖੇਤਾਂ, ਹਵਾਈ ਜਹਾਜ਼ਾਂ ਅਤੇ ਫ਼ਿਲਮਾਂ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਵਿਸ਼ੇਸ਼ਤਾਵਾਂ
·        ਗੂਗਲ ਸਰਚ ਵਿਚ ਜੂਨ 2011 ਤੋਂ ਲਗਾਤਾਰ ਵੌਇਸ ਸਰਚ ਦੀ ਸੁਵਿਧਾ ਉਪਲਬਧ ਹੈ। ਪ੍ਰਤੀ ਦਿਨ ਹਜ਼ਾਰਾਂ ਲੋਕ ਇਸ ਤਕਨੀਕ ਦਾ ਲਾਹਾ ਲੈ ਕੇ ਸਰਚ ਪ੍ਰਕਿਰਿਆ ਪੂਰੀ ਕਰਦੇ ਹਨ।
·        ਮਈ 2012 ਵਿਚ ਗੂਗਲ ਸਰਚ ਨਾਲ 'ਗਿਆਨ ਗਰਾਫ਼ ਅਰਥਕੀ ਸਰਚ' ਦੀ ਸੁਵਿਧਾ ਜੋੜੀ ਗਈ। ਇਸ ਰਾਹੀਂ ਸਰਚ ਰੁਝਾਨਾਂ ਅਤੇ ਸਰਚ ਨਾਲ ਸਬੰਧਿਤ ਭੂਗੋਲਿਕ ਜਾਂ ਕਿਸੇ ਹੋਰ ਆਧਾਰ 'ਤੇ ਅੰਕੜੇ ਇਕੱਤਰ ਕੀਤੇ ਜਾ ਸਕਦੇ ਹਨ।
·        ਗੂਗਲ ਤਕਨੀਕ ਸਰਚ ਲਈ ਟਾਈਪ ਕੀਤੇ ਵਾਕਾਂਸ਼ ਨੂੰ ਸ਼ਬਦਾਂ ਵਿਚ ਤੋੜ ਕੇ ਬੂਲੀਅਨ ਓਪਰੇਟਰਾਂ ਦੀ ਮਦਦ ਨਾਲ ਸਰਚ ਕਰਦੀ ਹੈ। ਇਸ ਨਾਲ ਵੱਡੀ ਗਿਣਤੀ 'ਚ ਖੋਜ ਨਤੀਜੇ ਪ੍ਰਾਪਤ ਹੁੰਦੇ ਹਨ।
·        ਗੂਗਲ ਸਰਚ ਵਿਚ ਗੂਗਲ ਡੂਡਲਸ ਦੀ ਖਾਸ ਵਿਸ਼ੇਸ਼ਤਾ ਹੈ। ਇਸ ਵਿਸ਼ੇਸ਼ਤਾ ਦਾ ਮੰਤਵ ਵਰਤੋਂਕਾਰਾਂ ਦਾ ਇਕੱਲਾ ਮਨ-ਪਰਚਾਵਾ ਕਰਨਾ ਹੀ ਨਹੀਂ ਸਗੋਂ ਮਹਾਨ ਸਾਇੰਸਦਾਨਾਂ, ਮਹੱਤਵਪੂਰਨ ਵਰ੍ਹੇ ਗੰਢਾਂ, ਜਸ਼ਨਾਂ, ਤਿਉਹਾਰਾਂ ਆਦਿ ਦੀ ਯਾਦ ਦਿਵਾਉਣਾ ਵੀ ਹੈ। ਗੂਗਲ ਡੂਡਲਸ ਚਲ ਚਿੱਤਰਾਂ, ਤਸਵੀਰਾਂ ਜਾਂ ਰੇਖਾ ਚਿੱਤਰਾਂ ਦੇ ਰੂਪ ਵਿਚ ਹੁੰਦੇ ਹਨ ਜੋ ਇੱਕ ਨਿਰਧਾਰਿਤ ਸਮੇਂ ਬਾਅਦ ਬਦਲ ਜਾਂਦੇ ਹਨ।
·      ਗੂਗਲ ਸਰਚ ਬਕਸੇ ਵਿਚ ਟਾਈਪ ਕੀਤੇ ਸ਼ਬਦ/ ਅੱਖਰ ਦੇ ਆਧਾਰ 'ਤੇ ਕੁੱਝ ਸ਼ਬਦ/ਵਾਕਾਂਸ਼ ਸੁਝਾਅ ਪੈਨਲ 'ਚ ਦਿਖਾਏ ਜਾਂਦੇ ਹਨ। ਇਹ ਸਰਚ ਕਰਨ 'ਚ ਵਰਤੋਂਕਾਰ ਦੀ ਮਦਦ ਕਰਦੇ ਹਨ। ਇਸ ਵਿਸ਼ੇਸ਼ ਤਕਨੀਕ ਨੂੰ 'ਇੰਸਟੈਂਟ ਸਰਚ' ਦਾ ਨਾਂ ਦਿੱਤਾ ਜਾਂਦਾ ਹੈ। ਇਹ ਤਕਨੀਕ ਗੂਗਲ ਨੇ ਸਭ ਤੋਂ ਪਹਿਲਾਂ 8 ਸਤੰਬਰ, 2010 ਨੂੰ ਅਮਰੀਕਾ ਵਿਚ ਚਾਲੂ ਕੀਤੀ।
·      ਗੂਗਲ ਰਾਹੀਂ ਬਿਨਾਂ ਕਿਸੇ ਮਗ਼ਜ਼ ਖਪਾਈ ਅਤੇ ਫ਼ਾਲਤੂ ਸਾਈਟਾਂ ਦੀ ਫਰੋਲਾ-ਫਰੋਲੀ ਦੇ ਸਿੱਧਾ ਨਿਸ਼ਾਨੇ ਤੇ ਪਹੁੰਚਣਾ ਇੱਕ ਵਿਸ਼ੇਸ਼ ਤਕਨੀਕ ਜਾਂ ਤਜਰਬੇ ਦੀ ਮੰਗ ਕਰਦਾ ਹੈ। ਜੇਕਰ ਪਹਿਲੀ ਕੋਸ਼ਿਸ਼ 'ਚ ਤੁਹਾਨੂੰ ਲੱਭੇ ਜਾ ਰਹੇ ਵਾਕਾਂਸ਼ ਦਾ ਸਹੀ ਸੁਮੇਲ ਮਿਲ ਜਾਂਦਾ ਹੈ ਤਾਂ ਗੂਗਲ TIÓm Feeling Lucky" ਦਾ ਸੰਦੇਸ਼ ਪੇਸ਼ ਕਰਦਾ ਹੈ।
Dr C P Kamboj/Assistant Professor/Punjabi Computer Help Centre/Punjabi University Patiala/Mobile No 9417455614/E-mail: cpk@pbi.ac.in/Website: www.cpkamboj.com
Previous
Next Post »